ਕੁਝ ਲੋਕ ਇਸ ਨੂੰ ਤਣਾਅ (ਸਟ੍ਰੈੱਸ) ਦੀ ਵਜ੍ਹਾ ਮੰਨਦੇ ਹਨ, ਜਦਕਿ ਕੁਝ ਇਸ ਨੂੰ ਗੰਭੀਰ ਸਿਹਤ ਸਮੱਸਿਆ ਸਮਝਦੇ ਹਨ।ਪਰ ਇਸ ਤਰ੍ਹਾਂ ਜਾਗਣਾ ਕਈ ਵੱਖ-ਵੱਖ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ। ਡੂੰਘੀ ਨੀਂਦ, ਪੂਰੀ ਨੀਂਦ ਅਤੇ ਤਣਾਅ ਤੋਂ ਮੁਕਤੀ ਨਾ ਸਿਰਫ਼ ਸਾਡੇ ਆਉਣ ਵਾਲੇ ਦਿਨ ਲਈ ਜ਼ਰੂਰੀ ਹੈ ਸਗੋਂ ਸਾਡੀ ਸਮੁੱਚੀ ਸਿਹਤ ਲਈ ਵੀ ਬਹੁਤ ਮਹੱਤਵਪੂਰਨ ਹੈ।ਡਾਕਟਰ ਸਲਾਹ ਦਿੰਦੇ ਹਨ ਕਿ ਹਰ ਕਿਸੇ ਨੂੰ ਚੰਗੀ ਨੀਂਦ ਦੀ ਆਦਤ ਬਣਾਉਣ, ਗਹਿਰੀ ਅਤੇ ਆਰਾਮਦਾਇਕ ਨੀਂਦ ਲੈਣ ਅਤੇ ਪੂਰੀ ਨੀਂਦ ਪ੍ਰਾਪਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।ਸਾਡੀ ਨੀਂਦ ਇੱਕ ਲਗਾਤਾਰ ਰਹਿਣ ਵਾਲੀ ਅਵਸਥਾ ਨਹੀਂ ਹੈ।ਇਹ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦੀ ਹੈ – ਹਲਕੀ ਨੀਂਦ, ਸੁਚੇਤ ਅਵਸਥਾ, ਡੂੰਘੀ ਨੀਂਦ ਅਤੇ ਆਰ.ਈ.ਐਮ (REM) ਨੀਂਦ। ਇਹ ਚੱਕਰ ਹਰ 90 ਮਿੰਟ ‘ਚ ਬਦਲਦਾ ਹੈ।ਰਾਤ ਦੇ ਪਹਿਲੇ ਅੱਧੇ ਹਿੱਸੇ ਵਿੱਚ ਡੂੰਘੀ ਨੀਂਦ ਵੱਧ ਆਉਂਦੀ ਹੈ, ਜਦਕਿ ਸਵੇਰ ਹੁੰਦੇ-ਹੁੰਦੇ ਨੀਂਦ ਹਲਕੀ ਯਾਨੀ ਸੁਚੇਤ ਅਵਸਥਾ ‘ਚ ਪਹੁੰਚ ਜਾਂਦੀ ਹੈ। ਕਰੀਬ 2 ਤੋਂ 3 ਵਜੇ ਵਿਚਾਲੇ ਸਰੀਰ ਹਲਕੀ ਨੀਂਦ ਦੀ ਅਵਸਥਾ ਵਿੱਚ ਹੁੰਦਾ ਹੈ ਅਤੇ ਛੋਟੀ-ਛੋਟੀ ਹਲਚਲ ‘ਤੇ ਵੀ ਜਾਗ ਸਕਦੇ ਹਾਂ।
ਪਰ ਕਈ ਵਾਰ ਤਣਾਅ, ਹਾਰਮੋਨ ਵਿੱਚ ਹੋਣ ਵਾਲੇ ਬਦਲਾਅ, ਜੀਵਨਸ਼ੈਲੀ ਜਾਂ ਸਿਹਤ ਨਾਲ ਸਬੰਧਤ ਸਮੱਸਿਆਵਾਂ ਕਾਰਨ ਨੀਂਦ ਨਾ ਆਉਣ ਦੀ ਸਮੱਸਿਆ ਬਣੀ ਰਹਿੰਦੀ ਹੈ ਅਤੇ ਦੁਬਾਰਾ ਸੌਣ ਵਿੱਚ ਪਰੇਸ਼ਾਨੀ ਆਉਂਦੀ ਹੈ।ਇਹ ਸਮਝਣਾ ਜ਼ਰੂਰੀ ਹੈ ਕਿ ਅਜਿਹਾ ਕਿਉਂ ਹੁੰਦਾ ਹੈ, ਮਾਹਰ ਇਸ ਨੂੰ ਕਿਵੇਂ ਦੇਖਦੇ ਹਨ ਅਤੇ ਕਦੋਂ ਇਹ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ।
ਰਾਤ ਦੇ 2 ਤੋਂ 3 ਵਜੇ ਦੇ ਵਿਚਕਾਰ ਜਾਗਣ ਦੇ ਕਈ ਕਾਰਨ ਹੋ ਸਕਦੇ ਹਨ।ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਾਰਨ ਸਰੀਰ ਦੀ ਕੁਦਰਤੀ ‘ਸਰਕੇਡੀਅਨ ਰਿਦਮ’ ਜਾਂ ਜੈਵਿਕ ਘੜੀ ਹੈ। ਇਸ ਸਮੇਂ ਸਰੀਰ ਹੌਲੀ-ਹੌਲੀ ਅਗਲੇ ਦਿਨ ਵਾਸਤੇ ਤਿਆਰੀ ਸ਼ੁਰੂ ਕਰ ਦਿੰਦਾ ਹੈ।’ਕੋਰਟੀਸੋਲ’ ਨਾਮਕ ਹਾਰਮੋਨ ਬਾਰੇ ਜਾਣਨਾ ਮਹੱਤਵਪੂਰਨ ਹੈ। ਇਹ ਹਾਰਮੋਨ ਸਾਨੂੰ ਜਾਗਣ ਵਿੱਚ ਮਦਦ ਕਰਦਾ ਹੈ।ਨੀਂਦ ਦੌਰਾਨ ਇਸ ਦਾ ਪੱਧਰ ਵੱਧਦਾ ਹੈ। ਆਮ ਹਾਲਾਤਾਂ ਵਿੱਚ ਇਹ ਵਾਧਾ ਇੰਨਾ ਹੌਲੀ-ਹੌਲੀ ਹੁੰਦਾ ਹੈ ਕਿ ਸਾਨੂੰ ਇਸਦਾ ਪਤਾ ਵੀ ਨਹੀਂ ਚਲਦਾ ।ਪਰ ਜੇ ਲਗਾਤਾਰ ਤਣਾਅ, ਚਿੰਤਾ ਜਾਂ ਨੀਂਦ ਵਿੱਚ ਵਿਘਨ ਬਣਿਆ ਰਹੇ ਤਾਂ ਕੋਰਟੀਸੋਲ ਦਾ ਪੱਧਰ ਪਹਿਲਾਂ ਹੀ ਵੱਧ ਹੋ ਸਕਦਾ ਹੈ।ਅਜਿਹੇ ਮਾਮਲਿਆਂ ਵਿੱਚ ਇਹ ਕੁਦਰਤੀ ਵਾਧਾ ਅਚਾਨਕ ਇੱਕ ‘ਚੇਤਾਵਨੀ ਸੰਕੇਤ’ ਦੇ ਰੂਪ ਵਿਚ ਕੰਮ ਕਰਦਾ ਹੈ ਅਤੇ ਨੀਂਦ ਵਿੱਚ ਰੁਕਾਵਟ ਪੈਦਾ ਕਰਦਾ ਹੈ।ਮਹੱਤਵਪੂਰਨ ਗੱਲ ਇਹ ਹੈ ਕਿ ਰਾਤ ਨੂੰ ਨੀਂਦ ਖੁੱਲ੍ਹਣਾ ਸਮੱਸਿਆ ਨਹੀਂ ਹੈ, ਸਗੋਂ ਨੀਂਦ ਖੁੱਲ੍ਹਣ ਤੋਂ ਬਾਅਦ ਦੁਬਾਰਾ ਸੌਂ ਨਾ ਪਾਉਣਾ ਵੱਧ ਪਰੇਸ਼ਾਨੀ ਦਾ ਕਾਰਨ ਹੈ। ਲਗਾਤਾਰ ਸੋਚਣਾ, ਕੰਮ ਦੀਆਂ ਚਿੰਤਾਵਾਂ ਜਾਂ ਸਿਰਫ਼ ‘ਨੀਂਦ ਨਾ ਆਉਣ’ ਦੀ ਚਿੰਤਾ— ਇਹ ਸਾਰੀਆਂ ਗੱਲਾਂ ਦੁਬਾਰਾ ਸੌਣ ਵਿੱਚ ਰੁਕਾਵਟ ਬਣ ਸਕਦੀਆਂ ਹਨ।
ਹਨ।ਕੀ ਇਸ ਤਰ੍ਹਾਂ ਜਾਗਣਾ ਆਮ ਗੱਲ ਹੈ ?ਇਸ ਸਵਾਲ ਦੇ ਜਵਾਬ ਵਿੱਚ ਡਾ. ਨੀਰਜ ਨੇ ਕਿਹਾ, “ਇਹ ਬਿਲਕੁਲ ਆਮ ਗੱਲ ਹੈ। ਲੱਖਾਂ ਸਾਲ ਪਹਿਲਾਂ ਰਾਤ ਨੂੰ ਥੋੜ੍ਹੇ ਸਮੇਂ ਲਈ ਜਾਗਦੇ ਰਹਿਣਾ ਸਾਡੇ ਪੂਰਵਜਾਂ ਨੂੰ ਖ਼ਤਰਿਆਂ ਤੋਂ ਸੁਰੱਖਿਅਤ ਰਹਿਣ ਵਿੱਚ ਮਦਦ ਕਰਦਾ ਸੀ। ਮੌਜੂਦਾ ਨੀਂਦ ਸਬੰਧੀ ਅਧਿਐਨਾਂ ਅਨੁਸਾਰ, ਸਿਹਤਮੰਦ ਬਾਲਗ ਅਸਲ ਵਿੱਚ ਹਰ ਰਾਤ 2 ਤੋਂ 4 ਵਾਰ ਜਾਗਦੇ ਹਨ।”ਅਕਸਰ ਜਾਗਣ ਦੇ ਇਹ ਪਲ ਸਿਰਫ਼ ਕੁਝ ਸੈਕਿੰਡ ਤੱਕ ਰਹਿੰਦੇ ਹਨ ਅਤੇ ਤੁਸੀਂ ਤੁਰੰਤ ਸੌਂ ਜਾਂਦੇ ਹੋ। ਇਸ ਲਈ ਅਗਲੀ ਸਵੇਰ ਤੁਹਾਨੂੰ ਯਾਦ ਵੀ ਨਹੀਂ ਰਹਿੰਦਾ।ਪਰ ਜਦੋਂ ਤੁਸੀਂ ਪੂਰੀ ਤਰ੍ਹਾਂ ਜਾਗ ਰਹੇ ਹੁੰਦੇ ਹੋ, ਤੁਹਾਡਾ ਦਿਮਾਗ ਤੇਜ਼ੀ ਨਾਲ ਚੱਲ ਰਿਹਾ ਹੁੰਦਾ ਹੈ ਅਤੇ ਦੁਬਾਰਾ ਸੌਣਾ ਅਸੰਭਵ ਜਿਹਾ ਲੱਗਦਾ ਹੈ ਉਦੋਂ ਇਹ ਇੱਕ ਸਮੱਸਿਆ ਬਣ ਜਾਂਦੀ ਹੈ।
ਸਰਕੇਡੀਅਨ ਲੈਅ ਦਿਮਾਗ ਦੇ ਇੱਕ ਹਿੱਸੇ ਦੁਆਰਾ ਨਿਯੰਤਰਿਤ ਹੁੰਦੀ ਹੈ ਜਿਸ ਨੂੰ ਸੁਪ੍ਰਾਕਿਆਜ਼ਮੈਟਿਕ ਨਿਊਕਲੀਅਸ ਕਿਹਾ ਜਾਂਦਾ ਹੈ ਜੋ ਦਿਨ-ਰਾਤ ਦੇ ਚੱਕਰ ਦੇ ਨਾਲ ਸਰੀਰ ਦੇ ਵੱਖ-ਵੱਖ ਕਾਰਜਾਂ ਦਾ ਤਾਲਮੇਲ ਬਣਾਈ ਰੱਖਦਾ ਹੈ।ਸਵੇਰ-ਸਵੇਰੇ ਸਰੀਰ ਜਾਗਣ ਦੀ ਤਿਆਰੀ ਸ਼ੁਰੂ ਕਰ ਦਿੰਦਾ ਹੈ। ਹਾਲਾਂਕਿ ਕੋਰਟੀਸੋਲ ਦਾ ਪੱਧਰ ਅਜੇ ਵੀ ਘੱਟ ਹੁੰਦਾ ਹੈ ਪਰ ਜਾਗਣ ਤੋਂ ਪਹਿਲਾਂ ਦੇ ਘੰਟਿਆਂ ‘ਚ ਇਹ ਹੌਲੀ-ਹੌਲੀ ਵਧਣ ਲੱਗਦਾ ਹੈ।ਇਸ ਦੇ ਨਾਲ ਹੀ ਡੂੰਘੀ ਨੀਂਦ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਆਰਈਐਮ (ਰੈਪਿਡ ਆਈ ਮੂਵਮੈਂਟ) ਨੀਂਦ ਵੱਧ ਜਾਂਦੀ ਹੈ।ਆਰਈਐਮ ਨੀਂਦ ਮੁਕਾਬਲਤਨ ਹਲਕੀ ਹੁੰਦੀ ਹੈ ਅਤੇ ਇਸ ਦੌਰਾਨ ਦਿਮਾਗ ਦੀ ਗਤੀਵਿਧੀ ਵੱਧ ਹੁੰਦੀ ਹੈ। ਇਸ ਲਈ ਇਸ ਅਵਸਥਾ ਦੌਰਾਨ ਜਾਗਣ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ।ਜਦੋਂ ਡਾ. ਰਿਸ਼ਭ ਵਰਮਾ ਤੋਂ ਪੁੱਛਿਆ ਗਿਆ ਕਿ ਨੀਂਦ ਦੇ ਚੱਕਰ ਕੀ ਹੁੰਦੇ ਹਨ ਅਤੇ ਉਨ੍ਹਾਂ ਦਾ ਜਾਗਣ ਦੇ ਸਮੇਂ ਨਾਲ ਕੀ ਸਬੰਧ ਹੈ ਤਾਂ ਉਨ੍ਹਾਂ ਨੇ ਕਿਹਾ, “ਸਾਡੀ ਨੀਂਦ ਲਹਿਰਾਂ ਜਾਂ ‘ਚੱਕਰਾਂ’ ਵਿੱਚ ਹੁੰਦੀ ਹੈ ਅਤੇ ਹਰ ਚੱਕਰ ਲਗਭਗ 90 ਮਿੰਟ ਲੰਬਾ ਹੁੰਦਾ ਹੈ। ਪਰ ਜਿਵੇਂ-ਜਿਵੇਂ ਰਾਤ ਗੁਜ਼ਰਦੀ ਜਾਂਦੀ ਹੈ, ਨੀਂਦ ਦੀ ਕਿਸਮ ਵੀ ਬਦਲਦੀ ਜਾਂਦੀ ਹੈ।”
ਕੋਰਟੀਸੋਲ ਦੇ ਨਾਲ-ਨਾਲ ਕੁਝ ਹੋਰ ਹਾਰਮੋਨ ਵੀ ਇਸ ਲਈ ਜ਼ਿੰਮੇਵਾਰ ਹੁੰਦੇ ਹਨ।ਅਸੀਂ ਇਸ ਬਾਰੇ ਡਾ. ਨੀਰਜ ਨੂੰ ਕੁਝ ਸਵਾਲ ਪੁੱਛੇ। ਉਹ ਮੁੰਬਈ ਸੈਂਟਰਲ ਸਥਿਤ ਵੋਕਹਾਰਟ ਹਸਪਤਾਲ ਵਿੱਚ ਕੰਸਲਟੈਂਟ ਨਿਊਰੋਲੋਜਿਸਟ ਵਜੋਂ ਕੰਮ ਕਰਦੇ ਹਨ।ਕੋਰਟੀਸੋਲ ਤੋਂ ਇਲਾਵਾ ਹੋਰ ਕਿਹੜੇ ਹਾਰਮੋਨ ਇਸ ਲਈ ਜ਼ਿੰਮੇਵਾਰ ਹਨ ?ਇਸ ਸਵਾਲ ਦੇ ਜਵਾਬ ਵਿੱਚ ਡਾ. ਨੀਰਜ ਨੇ ਕਿਹਾ, “ਨੀਂਦ ਦਾ ਕੰਟਰੋਲ ਕਈ ਹਾਰਮੋਨਾਂ ਦੀ ਸਾਂਝੀ ਕਿਰਿਆ ‘ਤੇ ਨਿਰਭਰ ਕਰਦਾ ਹੈ। ਮੇਲਾਟੋਨਿਨ, ਜਿਸ ਨੂੰ ਨੀਂਦ ਦਾ ਹਾਰਮੋਨ ਕਿਹਾ ਜਾਂਦਾ ਹੈ, ਰਾਤ ਦੇ ਸਮੇਂ ਸਭ ਤੋਂ ਵੱਧ ਮਾਤਰਾ ਵਿੱਚ ਬਣਦਾ ਹੈ ਅਤੇ ਸਵੇਰ ਹੋਣ ਤੱਕ ਹੌਲੀ-ਹੌਲੀ ਘੱਟ ਹੋ ਜਾਂਦਾ ਹੈ। ਮੇਲਾਟੋਨਿਨ ਦਾ ਪੱਧਰ ਘੱਟ ਹੋਣ ਨਾਲ ਨੀਂਦ ਦੀ ਸਥਿਰਤਾ ਪ੍ਰਭਾਵਿਤ ਹੋ ਸਕਦੀ ਹੈ।”ਹੋਰ ਹਾਰਮੋਨਾਂ ਦੀ ਭੂਮਿਕਾ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਕੋਰਟੀਸੋਲ ਇੱਕ ਹਾਰਮੋਨ ਹੈ ਜੋ ਐਡ੍ਰੀਨਲ ਗ੍ਰੰਥੀਆਂ ਦੁਆਰਾ ਬਣਾਇਆ ਜਾਂਦਾ ਹੈ।ਇਹ ਜਾਗਣ ਤੋਂ ਕੁਝ ਘੰਟੇ ਪਹਿਲਾਂ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਰੀਰ ਨੂੰ ਸੁਚੇਤ ਰੱਖਣ ਵਿੱਚ ਮਦਦ ਕਰਦਾ ਹੈ।ਐਡ੍ਰੀਨੈਲਿਨ ਅਤੇ ਨੋਰਐਡ੍ਰੀਨੈਲਿਨ ਹਾਰਮੋਨ ਚਿੰਤਾ, ਲੰਬੇ ਸਮੇਂ ਦੇ ਤਣਾਅ, ਪੈਨਿਕ ਡਿਸਆਰਡਰ ਜਾਂ ਤੀਬਰ ਭਾਵਨਾਤਮਕ ਹਾਲਾਤਾਂ ਵਿੱਚ ਅਚਾਨਕ ਨੀਂਦ ਟੁੱਟਣ ਦਾ ਕਾਰਨ ਬਣ ਸਕਦੇ ਹਨ।”ਇਸ ਤੋਂ ਇਲਾਵਾ, ਗ੍ਰੋਥ ਹਾਰਮੋਨ, ਇੰਸੁਲਿਨ ਅਤੇ ਪ੍ਰਜਨਨ ਨਾਲ ਸੰਬੰਧਿਤ ਹਾਰਮੋਨ ਵੀ ਅਸਿੱਧੇ ਤੌਰ ‘ਤੇ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੇ ਹਨ
