ਟੈਕਨੋਲੋਜੀ ਦੀ ਦੁਨੀਆ ਦੇ ਦਿੱਗਜ, ਸਪੇਸ ਐਕਸ, ਟੈਸਲਾ ਅਤੇ ਐਕਸ (ਪਹਿਲਾਂ ਟਵਿੱਟਰ) ਦੇ ਬੌਸ, ਇਲੋਨ ਮਸਕ ਦੁਨੀਆ ਦੇ ਪਹਿਲੇ ਟ੍ਰਿਲੀਅਨੇਅਰ ਭਾਵ ਖਰਬਪਤੀ ਬਣ ਗਏ ਹਨ।ਕੁਝ ਸਮੇਂ ਤੋਂ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਰਹੇ ਹਨ, ਜਾਂ ਘੱਟੋ-ਘੱਟ ਇਸ ਮੁਕਾਮ ਦੇ ਬਹੁਤ ਕਰੀਬ ਰਹੇ ਹਨ।ਫੋਰਬਸ ਦੇ ਅਨੁਸਾਰ, ਅਕਤੂਬਰ 2025 ਵਿੱਚ ਉਹ ਅੱਧੇ ਟ੍ਰਿਲੀਅਨ ਡਾਲਰ ਭਾਵ ਅੱਧੇ ਖਰਬ ਡਾਲਰ ਤੋਂ ਵੱਧ ਦੀ ਕੁੱਲ ਜਾਇਦਾਦ ਹਾਸਿਲ ਕਰਨ ਵਾਲੇ ਪਹਿਲੇ ਵਿਅਕਤੀ ਬਣੇ।ਇੱਕ ਮਹੀਨੇ ਬਾਅਦ, ਟੈਸਲਾ ਦੇ ਸ਼ੇਅਰ ਹੋਲਡਰਾਂ ਨੇ ਇੱਕ ਰਿਕਾਰਡ-ਤੋੜ ਪੇ-ਡੀਲ (ਸੈਲੇਰੀ ਪੈਕੇਜ) ਨੂੰ ਮਨਜ਼ੂਰੀ ਦਿੱਤੀ, ਜਿਸ ਦੀ ਕੀਮਤ ਭਵਿੱਖ ਵਿੱਚ 1 ਖਰਬ ਡਾਲਰ ਤੱਕ ਪਹੁੰਚ ਸਕਦੀ ਹੈ।
ਪਰ ਜੂਨ 2026 ਵਿੱਚ, ਮਸਕ ਦੀ ਕੁੱਲ ਜਾਇਦਾਦ ਅਰਬਪਤੀ ਤੋਂ ਖਰਬਪਤੀ ਦੇ ਪੱਧਰ ਤੱਕ ਪਹੁੰਚ ਗਈ। ਇਹ ਮਸਕ ਦੀ ਰਾਕੇਟ ਬਣਾਉਣ ਅਤੇ ਸੈਟੇਲਾਈਟ ਚਲਾਉਣ ਵਾਲੀ ਕੰਪਨੀ ਸਪੇਸਐਕਸ ਦੀ ਸ਼ੇਅਰ ਬਾਜ਼ਾਰ ਵਿੱਚ ਲਿਸਟਿੰਗ ਤੋਂ ਬਾਅਦ ਹੋਇਆ ਹੈ। ਦੱਸ ਦੇਈਏ ਕਿ ਸਪੇਸਐਕਸ ਦੀ ਐਕਸ, ਗ੍ਰੋਕ ਅਤੇ ਸਟਾਰਲਿੰਕ ਵਿੱਚ ਵੀ ਹਿੱਸੇਦਾਰੀ ਹੈ।ਹਾਲਾਂਕਿ, ਉਹ ਸਿਰਫ਼ ਆਪਣੀ ਅਥਾਹ ਦੌਲਤ ਲਈ ਹੀ ਨਹੀਂ ਜਾਣੇ ਜਾਂਦੇ।ਸਪੇਸਐਕਸ ਦੇ ਬੌਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਕਈ ਤਰ੍ਹਾਂ ਦੇ ਵਿਸ਼ਿਆਂ ‘ਤੇ ਆਪਣੀ ਰਾਇ ਰੱਖਣ ਲਈ ਕੀਤਾ ਹੈ, ਜਿਸ ਵਿੱਚ ਮੌਜੂਦਾ ਮਾਮਲਿਆਂ ਤੋਂ ਲੈ ਕੇ ਮਨੁੱਖਤਾ ਦੇ ਭਵਿੱਖ ਤੱਕ ਦੇ ਮੁੱਦੇ ਸ਼ਾਮਲ ਹਨ।ਹਾਲ ਦੇ ਸਾਲਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਸਿਆਸਤ ਵਿੱਚ ਵੀ ਵਧੀ ਹੈ। ਇਸ ਵਿੱਚ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੌਨਲਡ ਟਰੰਪ ਨੂੰ ਜਿੱਤਣ ਵਿੱਚ ਮਦਦ ਕਰਨਾ ਵੀ ਸ਼ਾਮਲ ਹੈ, ਜਿਸ ਕਾਰਨ ਕੁਝ ਨਿਵੇਸ਼ਕ ਨਾਰਾਜ਼ ਵੀ ਹੋਏ ਸਨ।
ਉਸ ਤੋਂ ਬਾਅਦ ਮਸਕ ਨੇ ਯੂਕੇ ਦੇ ਮਾਮਲਿਆਂ ਵਿੱਚ ਵੀ ਦਿਲਚਸਪੀ ਦਿਖਾਈ ਹੈ। ਉਨ੍ਹਾਂ ਦੇ ਵਿਚਾਰਾਂ ਨੂੰ ਲੈਕੇ ਅਤੇ ਜਿਸ ਤਰੀਕੇ ਨਾਲ ਐਕਸ ਜਨਤਕ ਬਹਿਸ ਅਤੇ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ, ਉਸ ਨੂੰ ਲੈ ਕੇ ਉਨ੍ਹਾਂ ਨੂੰ ਕੁਝ ਸਿਆਸਤਦਾਨਾਂ (ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ) ਦੀ ਆਲੋਚਨਾ ਅਤੇ ਜਾਂਚ ਦਾ ਸਾਹਮਣਾ ਕਰਨਾ ਪਿਆ ਹੈ।
