ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ।
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 27 ਅਕਤੂਬਰ – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਇੱਕ ਵਫਦ ਵੱਲੋਂ ਸ. ਬੋਹੜ ਸਿੰਘ ਰੁਪੱਈਆ ਵਾਲਾ ਜ਼ਿਲਾ ਪ੍ਰਧਾਨ ਫਰੀਦਕੋਟ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਡੀ.ਏ.ਪੀ ਮੁਹੱਈਆ ਕਰਵਾਉਣ ਲਈ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਦੀ ਬੇਰੁਖੀ ਅਤੇ ਕਾਰਪੋਰੇਟ ਘਰਾਣਿਆਂ-ਪੱਖੀ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨਾਂ ਨੂੰ ਆਪਣੇ ਹੱਕ ਲੈਣ ਲਈ ਧਰਨੇ ਲਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਝੋਨੇ ਦੀ ਫਸਲ ਵਿੱਚ ਆਏ ਚਾਇਨਾ ਵਾਇਰਸ ਅਤੇ ਫੇਰ ਬੇਮੌਸਮੀ ਬਾਰਸ਼ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਸੀ ਹੁਣ ਸਰਕਾਰ ਦੀ ਨਲਾਇਕੀ ਕਾਰਨ ਅਗੇਤਾ ਡੀ.ਏ.ਪੀ ਦਾ ਪ੍ਰਬੰਧ ਨਾਂ ਕਰਨ ਕਰਕੇ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਬੀਜਣ ਲਈ ਵੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਬੋਹੜ ਸਿੰਘ ਰੁਪੱਈਆ ਵਾਲਾ ਨੇ ਚੀਫ ਐਗਰੀਕਲਚਰ ਫਰੀਦਕੋਟ,ਏ.ਆਰ ਅਤੇ ਡੀ.ਆਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੋਮਵਾਰ ਤੱਕ ਡੀ.ਏ.ਪੀ ਦਾ ਪ੍ਰਬੰਧ ਕਰਕੇ ਕਿਸਾਨਾਂ ਨੂੰ ਆਪਣੀ ਕਣਕ ਅਤੇ ਆਲੂਆਂ ਦੀ ਫਸਲ ਬੀਜਣ ਲਈ ਨਾਂ ਦਿੱਤਾ ਗਿਆ ਤਾਂ ਫਿਰ ਭਾਰਤ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੂੰ ਕੋਈ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ।ਇੰਦਰਜੀਤ ਸਿੰਘ ਘਣੀਆਂ ਜ਼ਿਲ੍ਹਾ ਜਨਰਲ ਸਕੱਤਰ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ਪਾਸੇ ਤਾਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਹਨ ਕਿ ਉਹ ਪਾਣੀਆ ਦੇ ਰਾਖੇ ਹਨ ਅਤੇ ਪਾਣੀ ਦੀ ਇੱਕ ਬੂੰਦ ਵੀ ਬਾਹਰ ਨਹੀ ਜਾਣ ਦੇਣਗੇ ਅਤੇ ਦੂਜੇ ਪਾਸੇ ਪੰਜਾਬ ਵਿੱਚੋ ਬਾਹਰਲੇ ਸੂਬਿਆਂ ਨੂੰ ਜਾ ਰਹੀਆਂ ਨਹਿਰਾਂ ਦੇ ਤਲਿਆਂ ਨੂੰ ਕੰਕਰੀਟ ਨਾਲ ਪੱਕੇ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋ ਬਜਟ ਵਿੱਚ ਨਹਿਰਾਂ ਦੇ ਤਲਿਆਂ ਨੂੰ ਪੱਕੇ ਕਰਨ ਲਈ ਪੈਸੇ ਰੱਖ ਰਹੇ ਹਨ ਉਹਨਾਂ ਕਿਹਾ ਕਿ ਇਸ ਤੋਂ ਹੀ ਪੰਜਾਬ ਸਰਕਾਰ ਦੀ ਨੀਤੀ ਅਤੇ ਨੀਅਤ ਵਿੱਚ ਅੰਤਰ ਸਪੱਸ਼ਟ ਸਾਬਤ ਹੁੰਦਾ ਹੈ ਕਿ ਸਰਕਾਰ ਕਹਿ ਕੁੱਛ ਹੋਰ ਰਹੀ ਹੈ ਅਤੇ ਕਾਰਨ ਕੁੱਛ ਹੋਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਵਗ ਰਹੀਆ ਇਹ ਨਹਿਰਾ ਹੀ ਧਰਤੀ ਥੱਲੇ ਪਾਣੀ ਨੂੰ ਕੁਦਰਤੀ ਤੌਰ ਤੇ ਰੀਚਾਰਜ ਕਰਨ ਦਾ ਸਾਧਨ ਹਨ ਅਤੇ ਜਿਸ ਨਾਲ ਧਰਤੀ ਥੱਲੇ ਪਾਣੀ ਦਾ ਪੱਧਰ ਨਹਿਰਾਂ ਰਾਹੀਂ ਪਾਣੀ ਦੇ ਰੀਚਾਰਜ ਹੋਣ ਨਾਲ ਹੀ ਵਧਦਾ ਹੈ। ਇੰਦਰਜੀਤ ਸਿੰਘ ਘਣੀਆ ਨੇ ਫ਼ਰੀਦਕੋਟ ਜ਼ਿਲ੍ਹੇ ਵਿੱਚੋਂ ਲੰਘ ਰਹੀਆਂ ਨਹਿਰਾਂ ਦੇ ਕੰਢਿਆਂ ਨੂੰ ਪੱਕਾ ਕਰਨ ਦੇ ਰੋਸ ਵਜੋਂ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਅੱਜ ਸਰਕਾਰ ਨੂੰ ਚਿਤਾਵਨੀ ਦੇਣ ਲਈ ਕੱਢੇ ਰੋਸ ਮਾਰਚ ਵਿੱਚ ਸ਼ਮੂਲੀਅਤ ਕਰਦੇ ਹੋਏ ਉਹਨਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸਮਾਜ ਸੇਵੀ ਅਤੇ ਸ਼ਹਿਰ ਵਾਸੀਆਂ ਨਾਲ ਡਟ ਕੇ ਖੜ੍ਹਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਮਾਨ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਵਿੱਚ ਜਿੰਨੇ ਵੀ ਸੂਏ ਕੱਸੀਆਂ ਵਗਦੇ ਹਨ ਉਹਨਾਂ ਦੇ ਮੋਘੀਆਂ ਅੱਗੇ ਵਾਟਰ ਹਾਰਵੈਸਟਿੰਗ ਸਿਸਟਮ ਲਗਾਇਆ ਜਾਂਦਾ ਤਾਂ ਜੋ ਦਿਨੋ ਦਿਨ ਥੱਲੇ ਨੂੰ ਜਾ ਰਹੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਮਦਦ ਮਿਲਦੀ ਅਤੇ ਸਾਰਾ ਸਾਲ ਪੰਜਾਬ ਦੇ ਸੂਏ ਕੱਸੀਆਂ ਵਿੱਚ ਪਾਣੀ ਵਗਦਾ ਰਹਿੰਦਾ ਜਿਸ ਨਾਲ ਕਿਸਾਨਾਂ ਨੂੰ ਸਾਰਾ ਸਾਲ ਖੇਤਾ ਨੂੰ ਪਾਣੀ ਲਗਾਉਣ ਲਈ ਪਾਣੀ ਮਿਲਦਾ ਅਤੇ ਕਿਸਾਨਾਂ ਨੂੰ ਧਰਤੀ ਥੱਲੇ ਓ ਪਾਣੀ ਨੂੰ ਮੋਟਰਾਂ ਰਾਹੀ ਕੱਢਣ ਦੀ ਜਰੂਰਤ ਨਾਂ ਪੈਦੀ ਅਤੇ ਧਰਤੀ ਦੇ ਥੱਲੇ ਦੇ ਪਾਣੀ ਦਾ ਪੱਧਰ ਵੀ ਉੱਚਾ ਹੁੰਦਾ ਜੋ ਦਿਨੋ-ਦਿਨ ਥੱਲੇ ਨੂੰ ਜਾ ਰਿਹਾ ਹੈ ਪਰ ਸਰਕਾਰ ਵੱਲੋ ਨਹਿਰਾਂ ਦੇ ਥੱਲੇ ਪੱਕੇ ਕਰਕੇ ਕੀਤਾ ਉਸ ਦੇ ਉਲਟ ਜਾ ਰਿਹਾ ਹੈ ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਬਿੱਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ:- ਗੁਰਦਿੱਤ ਸਿੰਘ ਵਿੱਤ ਸਕੱਤਰ ਫਰੀਦਕੋਟ,ਰਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਚਰਨਜੀਤ ਸਿੰਘ ਬਲਾਕ ਪ੍ਰਧਾਨ ਫਰੀਦਕੋਟ,ਮੇਜਰ ਸਿੰਘ ਬਲਾਕ ਪ੍ਰਧਾਨ ਬਾਜਾਖਾਨਾ,ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ,ਸੁਖਮੰਦਰ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ,ਬਲਜਿੰਦਰ ਸਿੰਘ ਬਾੜਾ ਭਾਈਕਾ,ਤੇਜਾ ਸਿੰਘ ਪੱਕਾ,ਨੈਬ ਸਿੰਘ ਢਿੱਲਵਾਂ, ਭਿੰਦਰ ਸਿੰਘ ਜੈਤੋ, ਗੁਰਪ੍ਰੀਤ ਸਿੰਘ ਮਮਾਰਾ ਆਦਿ ਕਿਸਾਨ ਆਗੂ ਹਾਜਰ ਸਨ।
