ਪਹਿਲਾਂ ਏਜੰਟਾਂ ਨੂੰ ਪੈਸੇ ਦਿੱਤੇ, ਆਪਣੇ ਭਰਾ ਨੂੰ ਲੱਭਣ ਲਈ ਤੇ ਵਕੀਲ ‘ਤੇ ਪੈਸੇ ਲਗਾਏ, ਫਿਰ ਥਾਂ-ਥਾਂ ਧੱਕੇ ਖਾ ਕੇ 2 ਸਾਲ ਬਾਅਦ ਮੈਂ ਆਪ ਆਪਣੇ ਭਰਾ ਦੀ ਮ੍ਰਿਤਕ ਦੇਹ ਹਾਸਲ ਕਰ ਪਾਇਆ। ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਮੈਂ ਸਸਕਾਰ ਨਹੀਂ ਕਰਾਂਗਾ।”ਰੂਸ-ਯੂਕਰੇਨ ਯੁੱਧ ਵਿੱਚ ਜਾਨ ਗੁਆਉਣ ਵਾਲੇ ਮਨਦੀਪ ਕੁਮਾਰ ਦੇ ਭਰਾ ਜਗਦੀਪ ਕੁਮਾਰ ਨੇ ਉਸ ਦਾ ਅੰਤਿਮ ਸਸਕਾਰ ਕਰਨ ਤੋਂ ਮਨਾ ਕਰ ਦਿੱਤਾ ਹੈ।ਜਗਦੀਪ ਕੁਮਾਰ ਮੁਤਾਬਕ ਉਹ ਉਨੀ ਦੇਰ ਅੰਤਿਮ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਮੁਲਜ਼ਮਾਂ ਵਿਰੁੱਧ ਕਾਰਵਾਈ ਨਹੀਂ ਹੁੰਦੀ।ਦਰਅਸਲ ਮਨਦੀਪ ਕੁਮਾਰ ਇਟਲੀ ਜਾਣ ਲਈ ਸਾਲ 2023 ਵਿੱਚ ਘਰੋਂ ਨਿਕਲਿਆ ਸੀ। ਪਰ ਫਿਰ ਮਨਦੀਪ ਨੂੰ ਰੂਸ ਦੀ ਫ਼ੌਜ ਵਿੱਚ ਭਰਤੀ ਕਰਵਾ ਦਿੱਤਾ ਗਿਆ ਅਤੇ ਉਹ ਮਾਰਚ 2024 ਤੋਂ ਲਾਪਤਾ ਸੀ।
ਮਨਦੀਪ ਦੇ ਭਰਾ ਜਗਦੀਪ ਮੁਤਾਬਕ ਦਸੰਬਰ 2023 ਤੋਂ ਬਾਅਦ ਨਾ ਰੂਸ ਦੇ ਅਤੇ ਨਾ ਹੀ ਇੱਥੋਂ ਦੇ ਏਜੰਟਾਂ ਨੇ ਉਨ੍ਹਾਂ ਦਾ ਫੋਨ ਚੁੱਕਿਆ।
”ਫਿਰ 3 ਮਾਰਚ 2024 ਨੂੰ ਮਨਦੀਪ ਦੀ ਕਾਲ ਆਈ ਅਤੇ ਉਸ ਨੇ ਦੱਸਿਆ ਕਿ ਮੈਨੂੰ ਰੂਸ ਦੀ ਫੌਜ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਅਤੇ ਮੈਨੂੰ ਇੱਥੋਂ ਜਲਦੀ ਕਢਵਾ ਲਵੋ ਨਹੀਂ ਤਾਂ ਇਹ ਮੈਨੂੰ ਮਰਵਾ ਦੇਣਗੇ।”
ਜਗਦੀਪ ਕੁਮਾਰ ਆਪਣੇ ਭਰਾ ਮਨਦੀਪ ਕੁਮਾਰ ਨੂੰ ਲੱਭਣ ਲਈ ਕਈ ਵਾਰੀ ਰੂਸ ਵੀ ਗਏ। ਉਨ੍ਹਾਂ ਦੱਸਿਆ ਕਿ, “ਅਕਤੂਬਰ 2025 ਵਿੱਚ ਮੈਂ ਰੂਸ ਗਿਆ ਸੀ, ਉੱਥੇ ਸੋਸ਼ਲ ਸੈਂਟਰ ਬਣੇ ਹੋਏ ਹਨ ਜਿਨ੍ਹਾਂ ਕੋਲ ਜੰਗ ਦੀ ਸਾਰੀ ਜਾਣਕਾਰੀ ਆਉਂਦੀ ਹੈ। ਉਥੋਂ ਮੈਨੂੰ ਥੋੜ੍ਹਾ ਅੰਦਾਜ਼ਾ ਹੋ ਚੁੱਕਿਆ ਸੀ ਕਿ 8 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਪਰ ਉਨ੍ਹਾਂ ਨੇ ਨਾਮ ਕਲੀਅਰ ਨਹੀਂ ਕੀਤੇ ਗਏ ਸਨ।”ਉਨ੍ਹਾਂ ਦੱਸਿਆ ਕਿ ਅੱਗੇ ਦੀ ਜਾਣਕਾਰੀ ਲੈਣ ਲਈ ਸੋਸ਼ਲ ਸੈਂਟਰ ਵਾਲਿਆਂ ਨੇ ਉਨ੍ਹਾਂ ਨੂੰ ਸੇਂਟ ਪੀਟਰਸਬਰਗ ਭੇਜ ਦਿੱਤਾ ਜਿਥੇ ਮਨਦੀਪ ਦੀ ਭਰਤੀ ਹੋਈ ਸੀ। ਉੱਥੇ ਉਨ੍ਹਾਂ ਨੇ ਕਮਾਂਡਰਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਭਰਾ ਬਾਰੇ ਜਾਣਕਾਰੀ ਦਿੱਤੀ ਜਾਵੇ।
ਜਗਦੀਪ ਕੁਮਾਰ ਨੇ ਦੱਸਿਆ ਕਿ, “ਉਨ੍ਹਾਂ ਨੇ ਮੇਰਾ ਡੀਐੱਨਏ ਕਰਵਾਇਆ ਜੋ ਕਿ ਦੂਸਰੀ ਵਾਰ ਹੋਇਆ ਸੀ। ਇਸ ਤੋਂ ਪਹਿਲਾਂ ਉਹ ਡੀਐੱਨਏ ਰਿਪੋਰਟ ਫਰਵਰੀ 2025 ਵਿੱਚ ਭਾਰਤੀ ਅਥਾਰਟੀ ਰਾਹੀਂ ਇੰਡੀਅਨ ਅੰਬੈਸੀ ਮਾਸਕੋ ਨੂੰ ਦੇ ਚੁੱਕੇ ਸੀ। ਉਸ ਸਮੇਂ 13 ਪਰਿਵਾਰਾਂ ਦੇ ਡੀਐੱਨਏ ਹੋਏ ਸੀ।””ਜਦੋਂ ਮੈਂ ਪੁੱਛਿਆ ਕਿ ਡੀਐੱਨਏ ਜਾਂ ਪਾਸਪੋਰਟ ਸਬੰਧੀ ਜਾਣਕਾਰੀ ਵਾਰ-ਵਾਰ ਕਿਉਂ ਮੰਗੀ ਜਾ ਰਹੀ ਹੈ ਜਦਕਿ ਅੰਬੈਸੀ ਵੱਲੋਂ ਪਹਿਲਾਂ ਹੀ ਸਭ ਦਿੱਤਾ ਜਾ ਚੁਕਾ ਹੈ ਤਾਂ ਕਮਾਂਡਰਾਂ ਦਾ ਇਹ ਕਹਿਣਾ ਸੀ ਕਿ ਸਾਡੇ ਕੋਲ ਨਾ ਤਾਂ ਅੰਬੈਸੀ ਨੇ ਪਹੁੰਚ ਕੀਤੀ ਹੈ ਅਤੇ ਨਾ ਹੀ ਸਾਡੇ ਕੋਲ ਡੀਐੱਨਏ ਰਿਪੋਰਟਾਂ ਆਈਆਂ ਹਨ, ਜਿਸ ਦੇ ਅਧਾਰ ‘ਤੇ ਅਸੀਂ ਤੁਹਾਨੂੰ ਤੁਹਾਡੇ ਭਰਾ ਬਾਰੇ ਦੱਸ ਸਕੀਏ।”ਇਸੇ ਕੋਸ਼ਿਸ਼ਾਂ ਮਗਰੋਂ ਉਨ੍ਹਾਂ ਨੂੰ ਨਵੰਬਰ ਮਹੀਨੇ ਆਪਣੇ ਭਰਾ ਦੀ ਮੌਤ ਬਾਰੇ ਪਤਾ ਲੱਗਾ ਸੀ। ਇਸ ਤੋਂ ਬਾਅਦ ਮਨਦੀਪ ਦੀ ਮ੍ਰਿਤਕ ਦੇਹ ਮਾਸਕੋ ਮੰਗਵਾਈ ਗਈ ਅਤੇ ਮੁੜ ਡੀਐੱਨਏ ਕੀਤਾ ਗਿਆ ਕਿਉਂਕਿ ਬੌਡੀ ਪਛਾਨਣ ਯੋਗ ਨਹੀਂ ਸੀ।
ਸਰਕਾਰ ਤੋਂ ਕੀ ਮੰਗ ਕੀਤੀਜਗਦੀਪ ਕਹਿੰਦੇ ਹਨ, “ਮੇਰੀ ਹੱਥ ਜੋੜ ਕੇ ਸੂਬਾ ਅਤੇ ਕੇਂਦਰ ਸਰਕਾਰ ਅੱਗੇ ਇਹੀ ਬੇਨਤੀ ਹੈ ਕਿ ਜਿੰਨੇ ਵੀ ਭਾਰਤੀ ਉੱਥੇ ਫਸੇ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਉਥੋਂ ਕਢਿਆ ਜਾਵੇਂ। ਜਦੋਂ ਤੱਕ ਠੱਗ ਏਜੰਟਾਂ ਦਾ ਨੈੱਟਵਰਕ ਨਹੀਂ ਟੁੱਟਦਾ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਮੈਨੂੰ ਨਹੀਂ ਲੱਗਦਾ ਉਦੋਂ ਤੱਕ ਇਹ ਭਰਤੀ ਬੰਦ ਹੋਵੇਗੀ।”ਉਹ ਦੱਸਦੇ ਹਨ ਮਨਦੀਪ ਦੀ ਮੌਤ ਤਾਂ ਬਹੁਤ ਦੇਰ ਪਹਿਲਾਂ ਹੋ ਚੁੱਕੀ ਹੈ, ਹੁਣ ਉਹ ਸਿਰਫ਼ ਉਸ ਨੂੰ ਇਨਸਾਫ਼ ਦਿਵਾਉਣਾ ਚਾਹੁੰਦੇ ਹਨ ਅਤੇ ਕਹਿੰਦੇ ਹਨ ਕਿ ਉਸ ਦੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।ਉੱਧਰ ਜਲੰਧਰ ਰੂਰਲ ਪੁਲਿਸ ਦੇ ਐੱਸਐੱਸਪੀ ਹਰਵਿੰਦਰ ਵਿਰਕ ਨੇ ਦੱਸਿਆ ਕਿ ਅਸੀਂ ਇਸ ਮਾਮਲੇ ਵਿੱਚ ਕਈ ਗ੍ਰਿਫ਼ਤਾਰੀਆਂ ਕਰ ਚੁੱਕੇ ਹਾਂ। ਇੱਕ ਗ੍ਰਿਫਤਾਰੀ ਅਸੀਂ ਕੱਲ੍ਹ ਕੀਤੀ ਹੈ। ਸਿਰਫ਼ ਇੱਕ ਮੁਲਜ਼ਮ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ। ਉਸ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
