ਸਰਦੀਆਂ ਵਿੱਚ ਘੱਟ ਪਾਣੀ ਪੀਣਾ ਕਿਉਂ ਹੋ ਸਕਦਾ ਹੈ ‘ਬਹੁਤ ਖ਼ਤਰਨਾਕ’, ਕਿਹੜੇ ਲੋਕਾਂ ਨੂੰ ਵੱਧ ਧਿਆਨ ਰੱਖਣ ਦੀ ਲੋੜ ਹੈ?

ਸਰਦੀਆਂ ਵਿੱਚ ਘੱਟ ਪਾਣੀ ਪੀਣਾ ਕਿਉਂ ਹੋ ਸਕਦਾ ਹੈ ‘ਬਹੁਤ ਖ਼ਤਰਨਾਕ’, ਕੁਝ ਲੋਕਾਂ ਨੂੰ ਵੱਧ ਧਿਆਨ ਰੱਖਣ ਦੀ ਲੋੜ ਹੈ।

ਅਮੇਰੀਕਨ ਹਾਰਟ ਐਸੋਸੀਏਸ਼ਨ ਦੀ ਇੱਕ ਰਿਸਰਚ ਮੁਤਾਬਕ ਲੰਮੇ ਸਮੇਂ ਤੱਕ ਘੱਟ ਪਾਣੀ ਪੀਣ ਵਾਲੇ ਲੋਕਾਂ ਨੂੰ ਕਿਡਨੀ ਦੀ ਪੁਰਾਣੀ ਬਿਮਾਰੀ, ਪੱਥਰੀ ਅਤੇ ਯੂਟੀਆਈ ਦਾ ਖ਼ਤਰਾ ਵੱਧ ਰਹਿੰਦਾ ਹੈ।

ਗਰਮੀਆਂ ਵਿੱਚ ਪਸੀਨਾ ਵਗਦਾ ਰਹਿੰਦਾ ਹੈ, ਤੁਸੀਂ ਵੀ ਹਰ ਸਮੇਂ ਪਾਣੀ ਦੀ ਬੋਤਲ ਨਾਲ ਹੀ ਰੱਖਦੇ ਹੋ। ਘਰੋਂ ਨਿਕਲਦੇ ਸਮੇਂ, ਰਸਤੇ ਵਿੱਚ, ਅਤੇ ਵਾਪਸ ਆਉਣ ਤੋਂ ਬਾਅਦ ਵੀ ਪਾਣੀ ਪੀਂਦੇ ਹੋ।ਪਰ ਸਰਦੀਆਂ ਦੇ ਆਉਂਦੇ-ਆਉਂਦੇ ਸਭ ਕੁਝ ਬਦਲ ਜਾਂਦਾ ਹੈ। ਨਿੱਘੇ-ਨਿੱਘੇ ਕੰਬਲ ਵਿੱਚ ਗੋਲ-ਮੋਲ ਹੋ ਕੇ ਗਰਮ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ, ਪਾਣੀ ਦੀ ਉਹ ਬੋਤਲ ਕਿਤੇ ਦੂਰ ਰਹਿ ਜਾਂਦੀ ਹੈ।ਕੀ ਤੁਸੀਂ ਧਿਆਨ ਦਿੱਤਾ ਹੈ ਕਿ ਸਰਦੀਆਂ ਵਿੱਚ ਪਿਆਸ ਗਾਇਬ ਕਿਉਂ ਹੋ ਜਾਂਦੀ ਹੈ? ਜਦਕਿ ਡਾਕਟਰ ਕਹਿੰਦੇ ਹਨ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਸਰੀਰ ਨੂੰ ਸਰਦੀਆਂ ਵਿੱਚ ਪਾਣੀ ਦੀ ਲੋੜ ਵਧੇਰੇ ਹੁੰਦੀ ਹੈ। ਆਖਿਰ ਸਰਦੀਆਂ ਵਿੱਚ ਪਿਆਸ ਘਟ ਕਿਉਂ ਲੱਗਦੀ ਹੈ? ਘੱਟ ਪਾਣੀ ਪੀਣ ਦੇ ਕੀ ਨੁਕਸਾਨ ਹਨ।ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਕੌਣ ਹੁੰਦੇ ਹਨ – ਬੱਚੇ ਜਾਂ ਬਜ਼ੁਰਗ।

ਸਰਦੀਆਂ ਵਿੱਚ ਵੀ ਸਰੀਰ ਨੂੰ ਗਰਮੀਆਂ ਵਾਂਗ ਹੀ ਪਾਣੀ ਦੀ ਲੋੜ

ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਮੈਡੀਸਨ ਵਿਭਾਗ ਦੇ ਡਾਇਰੈਕਟਰ ਡਾਕਟਰ ਪੁਲਿਨ ਕੁਮਾਰ ਗੁਪਤਾ ਕਹਿੰਦੇ ਹਨ, “ਠੰਡੇ ਮੌਸਮ ਵਿੱਚ ਸਾਡੀ ਪਿਆਸ ਕਾਫ਼ੀ ਘੱਟ ਹੋ ਜਾਂਦੀ ਹੈ। ਸਾਨੂੰ ਘੱਟ ਪਸੀਨਾ ਆਉਂਦਾ ਹੈ, ਇਸ ਲਈ ਅਸੀਂ ਮੰਨਦੇ ਹਾਂ ਕਿ ਸਾਡੇ ਸਰੀਰ ਨੂੰ ਘੱਟ ਪਾਣੀ ਦੀ ਲੋੜ ਹੈ।”

“ਬਹੁਤ ਸਾਰੇ ਲੋਕ, ਖਾਸ ਕਰਕੇ ਬਜ਼ੁਰਗ ਅਤੇ ਦਫ਼ਤਰ ਜਾਣ ਵਾਲੇ, ਸੋਚਦੇ ਹਨ ਕਿ ਜ਼ਿਆਦਾ ਪਾਣੀ ਪੀਣ ਨਾਲ ਵਾਰ-ਵਾਰ ਟਾਇਲਟ ਜਾਣਾ ਪਵੇਗਾ, ਇਸ ਲਈ ਉਹ ਜਾਣਬੁੱਝ ਕੇ ਘੱਟ ਪਾਣੀ ਪੀਂਦੇ ਹਨ।”

ਉਨ੍ਹਾਂ ਦੇ ਮੁਤਾਬਕ, “ਵਿਗਿਆਨਕ ਤੌਰ ‘ਤੇ ਇਹ ਸਾਬਤ ਗੱਲ ਇਹ ਹੈ ਕਿ ਸਰਦੀਆਂ ਵਿੱਚ ਵੀ ਸਰੀਰ ਨੂੰ ਗਰਮੀਆਂ ਜਿੰਨੀ ਹੀ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ। ਸਰਦੀਆਂ ਵਿੱਚ ਕਿਡਨੀਆਂ ਪਿਸ਼ਾਬ ਰਾਹੀਂ ਵੱਧ ਪਾਣੀ ਬਾਹਰ ਕੱਢਦੀਆਂ ਹੈ। ਨਾਲ ਹੀ, ਘਰਾਂ ਅਤੇ ਦਫ਼ਤਰਾਂ ਵਿੱਚ ਚੱਲ ਰਹੇ ਹੀਟਰ, ਡ੍ਰਾਇਰ ਅਤੇ ਇਨਡੋਰ ਹੀਟਿੰਗ ਸਿਸਟਮ ਹਵਾ ਨੂੰ ਬਹੁਤ ਖੁਸ਼ਕ ਬਣਾ ਦਿੰਦੇ ਹਨ, ਜਿਸ ਕਾਰਨ ਚਮੜੀ ਅਤੇ ਸਾਹ ਦੇ ਰਸਤੇ ਰਾਹੀਂ ਪਾਣੀ ਦਾ ਨੁਕਸਾਨ ਹੋਰ ਵਧ ਜਾਂਦਾ ਹੈ।”

ਉਹ ਅੱਗੇ ਕਹਿੰਦੇ ਹਨ ਕਿ ਗਰਮ ਕੱਪੜੇ ਪਹਿਨਣ ਨਾਲ ਭਾਵੇਂ ਪਸੀਨਾ ਘੱਟ ਨਜ਼ਰ ਆਵੇ, ਪਰ ਬਹੁਤ ਘੱਟ ਮਾਤਰਾ ਵਿੱਚ ਪਸੀਨਾ ਆਉਂਦਾ ਹੈ। ਅਸੀਂ ਘੱਟ ਪਾਣੀ ਪੀਂਦੇ ਹਾਂ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਰੀਰ ਵਿੱਚ ਪਾਣੀ ਲਗਾਤਾਰ ਘੱਟ ਹੁੰਦਾ ਜਾਂਦਾ ਹੈ ਅਤੇ ਇਸ ਨਾਲ ਕ੍ਰੋਨਿਕ ਡੀਹਾਈਡ੍ਰੇਸ਼ਨ, ਅਰਥਾਤ ਲੰਮੇ ਸਮੇਂ ਤੱਕ ਸਰੀਰ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ।

ਸਾਲ 2019 ਵਿੱਚ ਅਮੇਰੀਕਨ ਹਾਰਟ ਐਸੋਸੀਏਸ਼ਨ ਦੀ ਇੱਕ ਰਿਸਰਚ ਮੁਤਾਬਕ, ਲੰਮੇ ਸਮੇਂ ਤੱਕ ਘੱਟ ਪਾਣੀ ਪੀਣ ਵਾਲੇ ਲੋਕਾਂ ਨੂੰ ਕਿਡਨੀ ਦੀ ਪੁਰਾਣੀ ਬਿਮਾਰੀ, ਪੱਥਰੀ ਅਤੇ ਮੂਤਰ ਮਾਰਗ ਸੰਕਰਮਣ (ਯੂਟੀਆਈ) ਦਾ ਖ਼ਤਰਾ ਵੱਧ ਰਹਿੰਦਾ ਹੈ।

ਵੈਲਨੈਸ ਥੈਰੇਪਿਸਟ, ਡਾਇਟੀਸ਼ੀਅਨ ਅਤੇ ਮੈਟਾਮਾਰਫੋਸਿਸ (ਵੈਲਨੈਸ ਪਲੇਟਫਾਰਮ) ਦੇ ਸੀਈਓ ਦਿਵਿਆ ਪ੍ਰਕਾਸ਼ ਕਹਿੰਦੇ ਹਨ, “ਜਦੋਂ ਠੰਡ ਪੈਂਦੀ ਹੈ ਤਾਂ ਸਰੀਰ ਗਰਮੀ ਬਚਾਉਣ ਲਈ ਪੀਬੀਵੀ (ਪੈਰੀਫ਼ੇਰਲ ਬਲੱਡ ਵੇਸਲ) ਨੂੰ ਸਿਕੋੜ ਲੈਂਦਾ ਹੈ।”

“ਇਸ ਨਾਲ ਸੈਂਟਰਲ ਬਲੱਡ ਵਾਲਿਊਮ ਵੱਧ ਜਾਂਦਾ ਹੈ ਅਤੇ ਸਰੀਰ ਨੂੰ ਲੱਗਦਾ ਹੈ ਕਿ ਸਭ ਕੁਝ ਠੀਕ ਹੈ, ਪਾਣੀ ਦੀ ਘਾਟ ਨਹੀਂ ਹੈ। ਇਸ ਕਾਰਨ ਪਿਆਸ ਦੀ ਅਹਿਸਾਹ ਲਗਭਗ 40% ਤੱਕ ਘੱਟ ਹੋ ਸਕਦਾ ਹੈ। ਪਰ ਸਰੀਰ ਦੀ ਬੁਨਿਆਦੀ ਪਾਣੀ ਦੀ ਲੋੜ ਮੌਸਮ ਨਾਲ ਪ੍ਰਭਾਵਿਤ ਨਹੀਂ ਹੁੰਦੀ, ਉਹ ਹਮੇਸ਼ਾ ਲਗਭਗ 2.5 ਤੋਂ 3.5 ਲੀਟਰ ਦੇ ਆਸ-ਪਾਸ ਹੀ ਰਹਿੰਦੀ ਹੈ।”

ਸਾਡੇ ਸਰੀਰ ਦਾ ਲਗਭਗ 60% ਹਿੱਸਾ ਪਾਣੀ ਹੈ।

ਡਾਕਟਰ ਪੁਲਿਨ ਕੁਮਾਰ ਗੁਪਤਾ ਕਹਿੰਦੇ ਹਨ, “ਇਹ ਪਾਣੀ ਖੂਨ ਵਿੱਚ ਮੌਜੂਦ ਰਹਿੰਦਾ ਹੈ। ਖੂਨ ਰਾਹੀਂ ਹੀ ਆਕਸੀਜਨ, ਨਿਊਟ੍ਰੀਐਂਟਸ ਅਤੇ ਹੋਰ ਜ਼ਰੂਰੀ ਪਦਾਰਥ ਸਰੀਰ ਦੀਆਂ ਸਾਰੀਆਂ ਕੋਸ਼ਿਕਾਵਾਂ ਤੱਕ ਪਹੁੰਚਦੇ ਹਨ।”

“ਜਦੋਂ ਪਾਣੀ ਘੱਟ ਹੋ ਜਾਂਦਾ ਹੈ ਤਾਂ ਖੂਨ ਗਾੜ੍ਹਾ ਹੋ ਜਾਂਦਾ ਹੈ। ਇਸ ਨਾਲ ਬ੍ਰੇਨ ਸਟ੍ਰੋਕ ਅਤੇ ਹਾਰਟ ਅਟੈਕ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ। ਖ਼ਾਸ ਕਰਕੇ ਸਰਦੀਆਂ ਵਿੱਚ ਇਹ ਖ਼ਤਰਾ ਹੋਰ ਜ਼ਿਆਦਾ ਦੇਖਿਆ ਜਾਂਦਾ ਹੈ। ਦਿਲ ਨੂੰ ਗਾੜ੍ਹੇ ਖੂਨ ਨੂੰ ਪੰਪ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ।”

ਉਹ ਕਹਿੰਦੇ ਹਨ ਕਿ ਜਦੋਂ ਸਰੀਰ ਵਿੱਚ ਪਾਣੀ ਘੱਟ ਹੁੰਦਾ ਹੈ ਤਾਂ ਨਸਾਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਬ੍ਰੇਨ ਹੇਮਰੇਜ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਸ ਨਾਲ ਕਿਡਨੀ ‘ਤੇ ਦਬਾਅ ਪੈਂਦਾ ਹੈ ਅਤੇ ਕਿਡਨੀ ਸਟੋਨ ਜਾਂ ਪੱਥਰੀ ਬਣਨ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ।

ਡਾਕਟਰਾਂ ਦੇ ਮੁਤਾਬਕ, ਘੱਟ ਪਾਣੀ ਪੀਣ ਨਾਲ ਪਚਨ ਤੰਤਰ ਪ੍ਰਭਾਵਿਤ ਹੁੰਦਾ ਹੈ ਅਤੇ ਕਬਜ਼ ਅਤੇ ਅਪਚ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।ਲੰਮੇ ਸਮੇਂ ਤੱਕ ਘੱਟ ਪਾਣੀ ਪੀਣ ਨਾਲ ਥਕਾਵਟ, ਸਿਰਦਰਦ, ਚੱਕਰ ਆਉਣਾ ਅਤੇ ਚਮੜੀ ਦੀ ਖੁਸ਼ਕੀ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ।ਅਕਸਰ ਨਜ਼ਰਅੰਦਾਜ਼ ਹੋਣ ਵਾਲੇ ਇਸਦੇ ਸ਼ੁਰੂਆਤੀ ਸੰਕੇਤ ਸਾਡਾ ਸਰੀਰ ਦਿੰਦਾ ਹੈ।ਏਮਜ਼ ਰਿਸ਼ੀਕੇਸ਼ ਨਾਲ ਜੁੜੇ ਰਹੇ ਸਾਬਕਾ ਡਾਇਟੀਸ਼ੀਅਨ ਅਤੇ ਵਨ ਡਾਇਟ ਟੁਡੇ ਦੇ ਫਾਊਂਡਰ ਡਾਕਟਰ ਅਨੁ ਅਗਰਵਾਲ ਕਹਿੰਦੇ ਹਨ, “ਸਾਡਾ ਸਰੀਰ ਕੁਝ ਸੰਕੇਤ ਦਿੰਦਾ ਹੈ ਜੋ ਪਾਣੀ ਦੀ ਘਾਟ ਦੱਸਦੇ ਹਨ, ਜਿਵੇਂ ਬਹੁਤ ਜ਼ਿਆਦਾ ਆਲਸ ਅਤੇ ਕਮਜ਼ੋਰੀ ਮਹਿਸੂਸ ਹੋਣਾ, ਥਕਾਵਟ, ਤਣਾਅ ਅਤੇ ਐਂਜ਼ਾਇਟੀ ਦਾ ਵਧਣਾ (ਪਾਣੀ ਦੀ ਘਾਟ ਨਾਲ ਕੋਰਟਿਸੋਲ ਹਾਰਮੋਨ ਵਧੇਰੇ ਰਿਲੀਜ਼ ਹੁੰਦਾ ਹੈ), ਚੱਕਰ ਆਉਣਾ, ਆਕਸੀਜਨ ਦੀ ਘਾਟ ਮਹਿਸੂਸ ਹੋਣਾ। ਇਹ ਸਾਰੇ ਸੰਕੇਤ ਇਸ਼ਾਰਾ ਕਰਦੇ ਹਨ ਕਿ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਹੋਰ ਪਾਣੀ ਦੀ ਲੋੜ ਹੈ।”

Prince

Read Previous

ਸਰਦੀਆਂ ਵਿੱਚ ਕਿਡਨੀ ਦੀ ਸਿਹਤ ਨਹੀਂ ਹੋਵੇਗੀ ਖ਼ਰਾਬ, ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਕਰੋ ਇਹ 5 ਆਦਤਾਂ।

Read Next

ਇਟਲੀ ਜਾਣ ਲਈ ਘਰੋਂ ਨਿਕਲਿਆ ਪੰਜਾਬ ਦਾ ਮਨਦੀਪ ਕਿਵੇਂ ਰੂਸ ਪਹੁੰਚ ਗਿਆ ਸੀ, ਹੁਣ ਕਰੀਬ 3 ਸਾਲ ਬਾਅਦ ਪਰਿਵਾਰ ਕੋਲ ਪਹੁੰਚੀ ਮ੍ਰਿਤਕ ਦੇਹ।

Leave a Reply

Your email address will not be published. Required fields are marked *