ਸਾਹਿਤਕਾਰ ਮਾਨ ਸਿੰਘ ਸੁਥਾਰ ਨੂੰ ਵੱਕਾਰੀ ‘ਮਹਾਦੇਵੀ ਵਰਮਾ ਵਿਸ਼ਵ ਭੂਸ਼ਣ ਸਨਮਾਨ – 2026 ਨਾਲ ਕੀਤਾ ਸਨਮਾਨਿਤ।
ਫਰੀਦਕੋਟ:15,ਸਤੰਬਰ (ਪਰਵਿੰਦਰ ਸਿੰਘ ਕੰਧਾਰੀ)-ਪਿਛਲੇ ਕੁਝ ਸਮਾਂ ਪਹਿਲਾ ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ ਦੇ ਵੱਕਾਰੀ ‘ਨਿਰਾਲਾ ਸਭਾਗਾਰ’ ਵਿਖੇ ਨਿਹਾਰਿਕਾ ਸਾਹਿਤ ਮੰਚ ਅਤੇ ਕੰਟਰੀ ਆਫ਼ ਇੰਡੀਆ ਫ਼ਾਊਂਡੇਸ਼ਨ ਟਰੱਸਟ ਦੀ ਅਗਵਾਈ ਹੇਠ ਆਯੋਜਿਤ ਚੌਥਾ ਸਾਲਾਨਾ ਸਮਾਗਮ ਬੜੇ ਉਤਸ਼ਾਹ ਅਤੇ ਵੱਕਾਰੀ ਮਾਹੌਲ ਵਿੱਚ ਸੰਪੰਨ ਹੋਇਆ। ਇਸ ਸ਼ਾਨਦਾਰ ਸਾਹਿਤਕ ਸਮਾਗਮ ਵਿੱਚ ਸ਼੍ਰੀਗੰਗਾਨਗਰ (ਰਾਜਸਥਾਨ) ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਮਾਨਸਿੰਘ ਸੁਥਾਰ ਨੂੰ ਉਹਨਾਂ ਦੇ ਵਿਸ਼ੇਸ਼ ਸਾਹਿਤਕ ਅਤੇ ਸਮਾਜਿਕ ਯੋਗਦਾਨ ਲਈ ਵੱਕਾਰੀ *ਮਹਾਦੇਵੀ ਵਰਮਾ ਵਿਸ਼ਵ ਭੂਸ਼ਣ ਸਨਮਾਨ -2026* ਨਾਲ ਨਿਵਾਜਿਆ ਗਿਆ।ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਅਬਦੁਲ ਅਜ਼ੀਜ਼ ਸਿੱਦੀਕੀ ਨੇ ਕੀਤੀ ਜਦਕਿ ਪ੍ਰੋਗਰਾਮ ਦਾ ਕੁਸ਼ਲ ਸੰਚਾਲਨ ਸੰਸਥਾਪਕ ਡਾ. ਰੀਮਾ ਸਿਨਹਾ ਦੀ ਅਗਵਾਈ ਹੇਠ ਸੰਪੰਨ ਹੋਇਆ। ਮੰਚ ‘ਤੇ ਮੌਜੂਦ ਮੁੱਖ ਮਹਿਮਾਨਾਂ ਅਤੇ ਅਹੁਦੇਦਾਰਾਂ ਵੱਲੋਂ ਸ਼੍ਰੀ ਸੁਥਾਰ ਨੂੰ ਯਾਦਗਾਰੀ ਚਿੰਨ੍ਹ ਦੋਸ਼ਾਲਾ (ਅੰਗਵਸਤਰ) ਅਤੇ ਸਨਮਾਨ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਈ ਨਾਮਵਰ ਸਾਹਿਤਕਾਰਾਂ, ਚਿੰਤਕਾਂ, ਕਲਾ-ਪ੍ਰੇਮੀਆਂ ਅਤੇ ਪਤਵੰਤੇ ਸੱਜਣਾਂ ਦੀ ਗੌਰਵਮਈ ਹਾਜ਼ਰੀ ਰਹੀ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਸ਼੍ਰੀ ਮਾਨਸਿੰਘ ਸੁਥਾਰ ਨੇ ਸੰਸਥਾਪਕ ਡਾ. ਰੀਮਾ ਸਿਨਹਾ, ਪ੍ਰਧਾਨ ਅਬਦੁਲ ਅਜ਼ੀਜ਼ ਸਿੱਦੀਕੀ ਅਤੇ ਟਰੱਸਟ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਮਹਾਦੇਵੀ ਵਰਮਾ ਵਰਗੀ ਯੁੱਗ-ਪ੍ਰਵਰਤਕ ਰਚਨਾਕਾਰ ਦੇ ਨਾਂ ‘ਤੇ ਮਿਲਿਆ ਇਹ ਸਨਮਾਨ ਸਾਹਿਤਕ ਜ਼ਿੰਮੇਵਾਰੀਆਂ ਪ੍ਰਤੀ ਹੋਰ ਵਧੇਰੇ ਸਮਰਪਿਤ ਰਹਿਣ ਦਾ ਸੰਕਲਪ ਦਿੰਦਾ ਹੈ। ਸਮਾਗਮ ਦੇ ਅੰਤ ਵਿੱਚ ਹਾਜ਼ਰ ਸਾਰੇ ਰਚਨਾਕਾਰਾਂ ਨੇ ਇੱਕ-ਦੂਜੇ ਨੂੰ ਵਧਾਈ ਦਿੱਤੀ ਅਤੇ ਰਾਸ਼ਟਰਭਾਸ਼ਾ ਹਿੰਦੀ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਸਰਗਰਮ ਰਹਿਣ ਦਾ ਸੱਦਾ ਦਿੱਤਾ। ਇਹ ਪ੍ਰੈੱਸ ਨੋਟ ਮਾਨ ਸਰੋਵਰ ਸਾਹਿਤ ਅਕੈਡਮੀ ਰਾਜਸਥਾਨ ਦੇ ਮਹਾਂ ਸਚਿਵ ਇਕਬਾਲ ਸਿੰਘ ਸਹੋਤਾ ਵੱਲੋ ਭੇਜਿਆ ਗਿਆ ਹੈ।
