ਯੁਵਾ ਆਫ਼ਦਾ ਮਿਤ੍ਰਾ ਟ੍ਰੇਨਿੰਗ ਦੇ 4ਵੇਂ ਅਤੇ 5ਵੇਂ ਦਿਨ ਅੱਗ ਸੁਰੱਖਿਆ ਅਤੇ ਸੀ ਪੀ ਆਰ ਜ਼ਿੰਦਗੀ ਬਚਾਉਣ ਵਾਲੇ ਸੈਸ਼ਨ ਆਯੋਜਿਤ
ਫਰੀਦਕੋਟ, 20 ਨਵੰਬਰ 2025 — ਫਰੀਦਕੋਟ ਵਿੱਚ ਚੱਲ ਰਹੀ ਯੁਵਾ ਆਫ਼ਦਾ ਮਿਤ੍ਰਾ ਟ੍ਰੇਨਿੰਗ ਨੌਜਵਾਨਾਂ ਨੂੰ ਆਫ਼ਦਾ ਸਮੇਂ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਲਈ ਤਿਆਰ ਕਰ ਰਹੀ ਹੈ। ਟ੍ਰੇਨਿੰਗ ਦੇ 4ਵੇਂ ਅਤੇ 5ਵੇਂ ਦਿਨ ਦੋ ਮਹੱਤਵਪੂਰਨ ਪ੍ਰੈਕਟਿਕਲ ਸੈਸ਼ਨ ਕਰਵਾਏ ਗਏ, ਜਿਨ੍ਹਾਂ ਤੋਂ ਐਨ ਐੱਸ ਐੱਸ ਵਾਲੰਟੀਅਰਾਂ ਨੂੰ ਮੌਕੇ ‘ਤੇ ਤੁਰੰਤ ਰਿਸਪਾਂਸ ਦੇਣ ਬਾਰੇ ਮਹੱਤਵਪੂਰਨ ਗਿਆਨ ਅਤੇ ਤਜਰਬਾ ਮਿਲਿਆ।4ਵੇਂ ਦਿਨ ਫਰੀਦਕੋਟ ਫਾਇਰ ਟੀਮ ਵੱਲੋਂ ਅੱਗ ਸੁਰੱਖਿਆ ਸੰਬੰਧੀ ਵਿਸਤ੍ਰਿਤ ਡੈਮੋਨਸਟ੍ਰੇਸ਼ਨ ਦਿੱਤਾ ਗਿਆ। ਇਸ ਦੌਰਾਨ ਅੱਗ ਨੂੰ ਸ਼ੁਰੂਆਤੀ ਪੜਾਅ ‘ਤੇ ਕਾਬੂ ਕਰਨ ਦੇ ਤਰੀਕੇ, ਫਾਇਰ ਐਕਸਟਿੰਗਿਊਸ਼ਰ ਦੀ ਸਹੀ ਵਰਤੋਂ, ਫਾਇਰ ਹੋਜ਼ ਰੀਲ ਚਲਾਉਣ ਅਤੇ ਸਾਜ਼ੋ-ਸਾਮਾਨ ਨਾਲ ਜ਼ਮੀਨੀ ਪੱਧਰ ‘ਤੇ ਕੰਮ ਕਰਨ ਦੀ ਟ੍ਰੇਨਿੰਗ ਦਿੱਤੀ ਗਈ। ਇਸ ਸੈਸ਼ਨ ਨੇ ਵਾਲੰਟੀਅਰਾਂ ਨੂੰ ਅੱਗ ਦੀ ਸਥਿਤੀ ਵਿੱਚ ਤੁਰੰਤ ਅਤੇ ਸਹੀ ਫੈਸਲਾ ਕਰਨ ਯੋਗ ਬਣਾਇਆ।5ਵੇਂ ਦਿਨ, ਪ੍ਰੋਫੈਸਰ (ਡਾ.) ਜੌਗ ਸਿੰਘ ਭਾਟੀਆ, ਕੋਰਸ–ਕਮ–ਡਾਇਰੈਕਟਰ, ਵੱਲੋਂ ਸੀ ਪੀ ਆਰ ਦਾ ਜ਼ਿੰਦਗੀ ਬਚਾਉਣ ਵਾਲਾ ਸੈਸ਼ਨ ਕਰਵਾਇਆ ਗਿਆ। ਉਨ੍ਹਾਂ ਨੇ ਵਾਲੰਟੀਅਰਾਂ ਨੂੰ ਸਹੀ ਸੀ ਪੀ ਆਰ ਤਰੀਕਾ ਸਿਖਾਇਆ ਅਤੇ ਸਮਝਾਇਆ ਕਿ ਦਿਲ ਦਾ ਦੌਰਾ, ਡੁੱਬਣ, ਹਾਦਸਿਆਂ ਅਤੇ ਹੋਰ ਐਮਰਜੈਂਸੀ ਹਾਲਾਤਾਂ ਵਿੱਚ ਇਹ ਤਕਨੀਕ ਕਿਵੇਂ ਕਿਸੇ ਦੀ ਜਾਨ ਬਚਾ ਸਕਦੀ ਹੈ।ਇਸ ਤੋਂ ਇਲਾਵਾ ਮਗਸੀਪਾ ਟ੍ਰੇਨਿੰਗ ਟੀਮ ਵੱਲੋਂ ਬਾੜ ਜਾਂ ਪਾਣੀ ਨਾਲ ਜੁੜੀਆਂ ਐਮਰਜੈਂਸੀ ਸਥਿਤੀਆਂ ਵਿੱਚ ਬਚਾਵ ਲਈ ਜੁਗਾੜੀ ਫਲੋਟਿੰਗ ਡਿਵਾਈਸ ਬਣਾਉਣ ਦੀ ਟ੍ਰੇਨਿੰਗ ਵੀ ਦਿੱਤੀ ਗਈ, ਜਿਸ ਵਿੱਚ ਪਲਾਸਟਿਕ ਬੋਤਲਾਂ, ਰੱਸੀਆਂ ਅਤੇ ਹੋਰ ਸਥਾਨਕ ਸਰੋਤਾਂ ਦੀ ਵਰਤੋਂ ਕਰਕੇ ਬਚਾਵ ਸਾਧਨ ਤਿਆਰ ਕਰਨ ਦੇ ਤਰੀਕੇ ਦੱਸੇ ਗਏ।4ਵੇਂ ਅਤੇ 5ਵੇਂ ਦਿਨ ਦੇ ਇਹ ਪ੍ਰੈਕਟਿਕਲ ਸੈਸ਼ਨ ਫਰੀਦਕੋਟ ਦੇ ਨੌਜਵਾਨਾਂ ਨੂੰ ਹੋਰ ਤਿਆਰ, ਸਜੱਗ ਅਤੇ ਜ਼ਿੰਮੇਵਾਰ ਫਰਸਟ ਰਿਸਪਾਂਡਰ ਵਜੋਂ ਤਿਆਰ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਰਹੇ ਹਨ।
