ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਕੀਤਾ ਜਾਵੇਗਾ ਸਨਮਾਨ-ਡਿਪਟੀ ਕਮਿਸ਼ਨਰ
ਜਿਲ੍ਹੇ ਦੇ ਵੱਡੀ ਗਿਣਤੀ ਵਿੱਚ ਕਿਸਾਨ ਪਰਾਲੀ ਪ੍ਰਬੰਧਨ ਕਰਕੇ ਕਰ ਰਹੇ ਹਨ ਕਣਕ ਦੀ ਬਿਜਾਈ-ਡਾ. ਰੋਡੇ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 4 ਨਵੰਬਰ – ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਲ੍ਹੇ ਦੇ ਜਿੰਨ੍ਹਾਂ ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕਣਕ ਦੇ ਨਾੜ ਅਤੇ ਝੋਨੇ ਦੇ ਪਰਾਲ ਨੂੰ ਬਿਨ੍ਹਾਂ ਅੱਗ ਲਾਇਆਂ ਖੇਤ ਵਿੱਚ ਹੀ ਸਾਂਭਿਆ ਜਾਂਦਾ ਹੈ ਉੰਨ੍ਹਾਂ ਕਿਸਾਨਾਂ ਨੂੰ ਇੱਕ ਵਿਸ਼ੇਸ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ।ਉੰਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਕਰਕੇ ਕਿਸਾਨਾਂ ਨੇ ਧਰਤੀ ਅਤੇ ਮਨੁੱਖਤਾ ਪ੍ਰਤੀ ਆਪਣਾ ਫਰਜ ਸਮਝਦਿਆਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਹੈ ਅਤੇ ਦੂਜੇ ਕਿਸਾਨਾਂ ਲਈ ਪ੍ਰੇਰਣਾ ਸਰੋਤ ਸਿੱਧ ਹੋਏ ਹਨ।ਪਰਾਲੀ ਦੀ ਜਮੀਨ ਵਿੱਚ ਹੀ ਸੰਭਾਲ ਕਰਕੇ ਹਾੜੀ ਅਤੇ ਸਾਉਣੀ ਫਸਲਾਂ ਦੌਰਾਨ ਖਾਦਾਂ ਦੀ ਬੱਚਤ ਹੁੰਦੀ ਹੈ ਉੱਥੇ ਹੀ ਫਸਲ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ।ਪਰਾਲੀ ਨੂੰ ਅੱਗ ਨਾ ਲਗਾਉਣ ਕਾਰਨ ਧਰਤੀ ਵਿਚਲੇ ਸੂਖਮ ਜੀਵਾਂ ਦੀ ਗਿਣਤੀ ਅਤੇ ਗਤੀਵਿਧੀ ਵਿੱਚ ਹਾਂ ਪੱਖੀ ਬਦਲਾਅ ਆਉਣ ਕਾਰਨ ਜਮੀਨ ਦੀ ਕੁਦਰਤੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਹੀ ਆਪਣੇ ਨਾਲ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਅਤੇ ਮਿੱਟੀ ਵਿਚਲੇ ਸੂਖਮ ਤੱਤ ਵੀ ਨਸ਼ਟ ਹੋ ਜਾਂਦੇ ਹਨ।
ਇਸ ਮੌਕੇ ਡਾ. ਹਰਨੇਕ ਸਿੰਘ ਰੋਡੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਦੱਸਿਆ ਕਿ ਕਣਕ ਦੀ ਬਿਜਾਈ ਲਈ ਕਿਸਾਨਾਂ ਵੱਲੋਂ ਨਵੀਆਂ ਮਸ਼ੀਨਾਂ ਦੀ ਵਰਤੋਂ ਹੋ ਰਹੀ ਹੈ ਜਿਸ ਵਿੱਚ ਝੌਨੇ ਦੀ ਪਰਾਲੀ ਦੀ ਸੰਭਾਂਲ ਕਰਨ ਵਾਲੇ ਕਿਸਾਨਾਂ ਵੱਲੋਂ ਝੋਨੇ ਦੇ ਖੜ੍ਹੇ ਪਰਾਲ ਵਿੱਚ ਕਣਕ ਦੀ ਬਿਜਾਈ ਕਰਦਿਆਂ ਇੰਨ੍ਹਾਂ ਮਸ਼ੀਨਾਂ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।ਉੰਨ੍ਹਾਂ ਵੱਲੋਂ ਕਿਸਾਨਾਂ ਦੁਆਰਾ ਬਣਾਏ ਗਏ ਕਿਸਾਨ ਗਰੁੱਪਾਂ ਜਿੰਨ੍ਹਾਂ ਨੂੰ ਸਰਕਾਰ ਦੀ ਸਬਸਿਡੀ ਸਕੀਮ ਤਹਿਤ ਵੱਖ-ਵੱਖ ਮਸ਼ੀਨਾਂ ਜਿੰਨ੍ਹਾਂ ਵਿੱਚ ਸੁਪਰ-ਸੀਡਰ ,ਰੋਟੋ ਬੀਜ ਡਰਿੱਲ, ਜੀਰੋ ਬੀਜ ਡਰਿੱਲ ,ਸੁਪਰ ਐੱਸ.ਐੱਮ.ਅੱੈਸ, ਮਲਚਰ,ਆਦਿ ਸ਼ਾਮਿਲ ਹਨ ਨੂੰ ਅਪੀਲ ਕੀਤੀ ਕਿ ਉਹ ਵਾਜਬ ਰੇਟਾਂ ਤੇ ਇਹ ਮਸ਼ੀਨਾਂ ਆਪਣੇ ਪਿੰਡਾਂ ਵਿੱਚ ਵੱਧ-ਵੱਧ ਵਰਤੋਂ ਵਿੱਚ ਲਿਆਉਣ ਤਾਂ ਜੋ ਛੋਟੇ ਅਤੇ ਦਰਮਿਆਨੇ ਕਿਸਾਨ ਵੀ ਇੰਨ੍ਹਾਂ ਮਸ਼ੀਨਾਂ ਦਾ ਲਾਭ ਲੈ ਸਕਣ।ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੁਆਰਾ ਸਬਸਿਡੀ ਤੇ ਲਈਆਂ ਮਸ਼ੀਨਾਂ ਦੀ ਵੈਰੀਫਿਕੇਸ਼ਨ ਕਰਨ ਉਪਰੰਤ ਬਣਦੀ ਸਬਸਿਡੀ ਦੀ ਰਾਸ਼ੀ ਜਲਦ ਹੀ ਕਿਸਾਨ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।
