ਨਵੀ ਦਿੱਲੀ, 21 ਅਪ੍ਰੈਲ – ਐਪਲ ਨੂੰ 15 ਸਾਲਾਂ ਬਾਅਦ ਨਵਾਂ ਚੀਫ਼ ਐਗਜ਼ੀਕਿਊਟਿਵ ਅਫ਼ਸਰ (CEO) ਮਿਲ ਰਿਹਾ ਹੈ ਅਤੇ ਕੰਪਨੀ ਦੇ ਮੌਜੂਦਾ ਸੀਈਓ ਟਿਮ ਕੁੱਕ ਨੇ ਸੀਈਓ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ। ਐਪਲ ਦੀ ਲੀਡਰਸ਼ਿਪ ਵਿੱਚ ਬਦਲਾਅ ਦੀ ਚਰਚਾ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ ਅਤੇ ਹੁਣ ਇਹ ਅਧਿਕਾਰਤ ਤੌਰ ‘ਤੇ ਸਾਫ਼ ਹੋ ਗਿਆ ਹੈ ਕਿ ਟਿਮ ਕੁੱਕ ਦੇ ਜਾਣ ਤੋਂ ਬਾਅਦ ਐਪਲ ਦੇ ਅਗਲੇ ਸੀਈਓ ਜੌਨ ਟਰਨਸ ਬਣਨਗੇ।ਜੌਨ ਇਸ ਸਮੇਂ ਕੰਪਨੀ ਦੇ ਹਾਰਡਵੇਅਰ ਇੰਜੀਨੀਅਰਿੰਗ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਜੋਂ ਕੰਮ ਕਰ ਰਹੇ ਹਨ। ਜੌਨ 1 ਸਤੰਬਰ ਤੋਂ ਕੰਪਨੀ ਦੇ 8ਵੇਂ ਸੀਈਓ ਵਜੋਂ ਕੰਮ ਕਰਨਗੇ। ਦੁਨੀਆ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਸਮਾਰਟਫ਼ੋਨ, ਯਾਨੀ ਆਈਫ਼ੋਨ ਬਣਾਉਣ ਵਾਲੀ ਵੱਕਾਰੀ ਕੰਪਨੀ ਐਪਲ ਦੇ ਸੀਈਓ ਵਜੋਂ ਜੌਨ ਟਰਨਸ ਦੇ ਸਾਹਮਣੇ ਬਹੁਤ ਵੱਡੀ ਜ਼ਿੰਮੇਵਾਰੀ ਹੋਵੇਗੀ।ਜੌਨ ਟਰਨਸ ਨੇ ਸਾਲ 2001 ਵਿੱਚ ਇਸ ਟੈਕ ਕੰਪਨੀ ਨੂੰ ਜੁਆਇਨ ਕੀਤਾ ਸੀ। ਉਹ ਉਸ ਸਮੇਂ ਪ੍ਰੋਡਕਟ ਡਿਜ਼ਾਈਨ ਟੀਮ ਦਾ ਹਿੱਸਾ ਸਨ। ਉਹ ਕੰਪਨੀ ਦੇ ਫਾਊਂਡਰ ਸਟੀਵ ਜੌਬਸ ਦੇ ਨਾਲ ਵੀ ਕੰਮ ਕਰ ਚੁੱਕੇ ਹਨ। ਐਪਲ ਤੋਂ ਪਹਿਲਾਂ ਉਨ੍ਹਾਂ ਨੇ ‘ਵਰਚੁਅਲ ਰਿਸਰਚ ਸਿਸਟਮਜ਼’ ਵਿੱਚ ਇੱਕ ਮਕੈਨੀਕਲ ਇੰਜੀਨੀਅਰ ਵਜੋਂ ਕੰਮ ਕੀਤਾ ਸੀ।
